ਮਿਲਾਨ (ਦਲਜੀਤ ਮੱਕੜ) ਇਟਲੀ ਵਿਚ ਵੱਸਦੇ ਭਾਰਤੀਆਂ ਦੀ ਸਹੂਲਤ ਲਈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਭਾਰਤੀ ਕੌਂਸਲੇਟ ਦਫਤਰ ਮਿਲਾਨ ਵਲੋਂ ਵੱਖ ਵੱਖ ਸ਼ਹਿਰਾਂ ਵਿੱਚ ਕੌਂਸਲਰ ਕੈਂਪ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਪਹਿਲਾਂ ਵਿਸ਼ੇਸ਼ ਕੌਸਲਰ ਕੈਂਪ ਬੁਲਜਾਨੋ ਵਿਖੇ ਲਗਾਇਆ ਗਿਆ। ਜਿਸ ਵਿੱਚ 300 ਦੇ ਕਰੀਬ ਭਾਰਤੀਆ ਨੇ ਕੌਂਸਲੇਂਟ ਸੇਵਾਂਵਾਂ ਲਈ ਅਰਜੀਆਂ ਦਿੱਤੀਆਂ। ਇਸ ਵਿਸ਼ੇਸ਼ ਪਾਸਪੋਰਟ ਕੈਂਪ ਵਿੱਚ ਭਾਰਤੀ ਕੌਸਲੇਟ ਮਿਲਾਨ ਦੇ ਸਮੁੱਚੇ ਸਟਾਫ਼ ਨੇ ਬਹੁਤ ਹੀ ਸਚੁੱਜੇ ਢੰਗ ਨਾਲ ਹਾਜ਼ਰ ਭਾਰਤੀਆਂ ਨੂੰ ਕੌਂਸਲਰ ਸੇਵਾਵਾਂ ਪ੍ਰਦਾਨ ਕੀਤੀਆਂ।ਉਚੇਚੇ ਤੌਰ ‘ਤੇ ਇਸ ਪਾਸਪੋਰਟ ਕੈਂਪ ਵਿੱਚ ਭਾਰਤੀ ਕੌਸਲੇਟ ਮਿਲਾਨ ਦੇ ਜਨਰਲ ਕੌਂਸਲਰ ਸ਼੍ਰੀ ਲਵੱਨਿਆ ਕੁਮਾਰ ਨੇ ਸ਼ਮੂਲੀਅਤ ਕਰਦਿਆਂ ਭਾਰਤੀ ਭਾਈਚਾਰੇ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਹਨਾਂ ਦਾ ਹੱਲ ਕੀਤਾ। ਉਹਨਾਂ ਕਿਹਾ ਕਿ ਭਾਰਤੀ ਕੌਂਸਲੇਂਟ ਮਿਲਾਨ ਇਟਲੀ ਵਿੱਚ ਭਾਰਤੀਆ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਹੈ। ਉਹਨਾਂ ਦੱਸਿਆ ਕਿ ਕੌਂਸਲੇਟ ਮਿਲਾਨ ਦੁਆਰਾ ਹੋਰਨਾਂ ਵੀ ਵੱਖ ਵੱਖ ਸ਼ਹਿਰਾਂ ਵਿੱਚ ਅਜਿਹੇ ਕੌਂਸਲਰ ਕੈਂਪ ਉਲੀਕੇ ਜਾ ਰਹੇ ਹਨ। ਬੁਲਜਾਨੋ ਨਗਰ ਕੌਂਸਲ ਦੀ ਕੌਂਸਲਰ ਕਿਆਰਾ ਰਾਬਨੀ ਨੇ ਵੀ ਇਸ ਕੈਂਪ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ।ਇਸ ਮੌਕੇ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦੁਆਰਾ ਜਨਰਲ ਕੌਂਸਲਰ ਸ਼੍ਰੀ ਲਵੱਨਿਆ ਕੁਮਾਰ ਅਤੇ ਕਿਆਰਾ ਰਾਬਨੀ ਨੂੰ ਗੁਲਦਸਤਾ ਭੇਂਟ ਕੀਤਾ ਗਿਆ। ਇਸ ਕੈਂਪ ਵਿੱਚ ਅਰਜੀਆ ਦੇਣ ਪੁੱਜੇ ਭਾਰਤੀਆ ਨੇ ਭਾਰਤੀ ਕੌਸਲੇਟ ਮਿਲਾਨ ਦੇ ਸਮੁੱਚੇ ਸਟਾਫ਼ ਦਾ ਧੰਨਵਾਦ ਕਰਦਿਆ ਕਿਹਾ ਕਿ ਐਤਵਾਰ ਛੁੱਟੀ ਵਾਲੇ ਦਿਨ ਉਹਨਾਂ ਨੂੰ ਕੌਂਸਲਰ ਸੇਵਾਵਾਂ ਦੀਆ ਅਰਜੀਆ ਦੇਣ ਲਈ ਵਧੀਆ ਮੌਕਾ ਮਿਲਿਆ ਹੈ।