ਇਟਲੀ ਦੇ ਸ਼ਹਿਰ ਕਸਤਲਗੌਮਬੈਰਤੋ ਵਿਖੇ ਵਿਸ਼ਾਲ ਨਗਰ ਕੀਰਤਨ ਆਯੋਜਿਤ
ਮਿਲਾਨ,04 ਅਕਤੂਬਰ (ਦਲਜੀਤ ਸਿੰਘ ਮੱਕੜ)-
ਮਿਲਾਨ (ਦਲਜੀਤ ਮੱਕੜ) ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਜੋਸ਼ੇ-ਖਰੋਸ਼ ਤੇ ਸ਼ਰਧਾ ਭਾਵਨਾ ਨਾਲ ਕਰਵਾਏ ਗਏ ।ਇਸ ਮਹਾਨ ਤੇ ਇਤਿਹਾਸ ਦਿਹਾੜੇ ਨੂੰ ਸਮਰਪਿਤ ਵਿਚੈਂਸਾ ਵਿੱਚ ਸਿੱਖੀ ਦੇ ਪ੍ਰਚਾਰ ਤੇ ਪ੍ਰਚਾਰ ਲਈ ਸੇਵਾ ਵਿੱਚ ਜੁੜੇ ਗੁਰਦੁਆਰਾ ਸਿੰਘ ਸਭਾ ਕਸਤਲਗੌਮਬੈਰਤੋ ਵੱਲੋਂ ਵੀ ਵਿਸ਼ਾਲ ਨਗਰ ਕੀਤਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸ਼ਹਿਰ ਕਸਤਲਗੌਮਬੈਰਤੋ ਵਿਖੇ ਸਜਾਇਆ ਗਿਆ। ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ।ਸਾਰੇ ਰਸਤੇ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਗੁਰਪ੍ਰਤਾਪ ਸਿੰਘ “ਪਦਮ” ਦੇ ਢਾਡੀ ਜਥੇ ਦੁਆਰਾ ਵਡਮੁੱਲਾ ਇਤਿਹਾਸ ਸ੍ਰਵਣ ਕਰਵਾਇਆ ਗਿਆ।ਭਾਈ ਸੁਰਜੀਤ ਸਿੰਘ ਖੰਡੇ ਵਾਲਿਆਂ ਦੁਆਰਾ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ।ਗੱਤਕੇ ਵਾਲੇ ਸਿੰਘਾਂ ਦੁਆਰਾ ਗਤਕੇ ਦੇ ਬਹੁਤ ਹੀ ਹੈਰਾਨੀਜਕ ਜੌਹਰ ਦਿਖਾਏ ਗਏ।ਨਗਰ ਕੀਰਤਨ ਵਿੱਚ ਸੰਗਤਾਂ ਲਈ ਵੱਡੀ ਗਿਣਤੀ ਵਿੱਚ ਲੰਗਰ ਦੀਆਂ ਸਟਾਲਾਂ ਲੱਗੀਆਂ ਸਨ।ਪੁਲਿਸ ਪ੍ਰਸ਼ਾਸ਼ਨ ਸਮੇਤ ਸ਼ਹਿਰ ਦੀਆਂ ਅਨੇਕਾਂ ਇਟਾਲੀਅਨ ਸ਼ਖਸ਼ੀਅਤਾਂ ਤੋਂ ਇਲਾਵਾ ਵੱਖ ਵੱਖ ਗੁਰਦੁਆਰਾ ਸਾਹਿਬ ਦੀਆ ਪ੍ਰਬੰਧਕ ਕਮੇਟੀਆ ਵੀ ਨਗਰ ਕੀਰਤਨ ਵਿੱਚ ਪਹੁੰਚੀਆਂ। ਜਿਹਨਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ‘ਤੇ ਸਭ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਦੀ ਵਧਾਈ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਗੁਰੂ ਨੂੰ ਯਾਦ ਕਰਦਿਆਂ ਗੁਰਪੁਰਬ ਮਨਾਉਣੇ ਸਿੱਖੀ ਦੇ ਬੂਟੇ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਲਈ ਅਹਿਮ ਯੋਗਦਾਨ ਹੈ।