1 min read

ਗੁਰਨਾਮ ਸਿੰਘ ਰਾਏ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਲੈਸਟਰ ਦੇ ਪ੍ਰਧਾਨ ਬਣੇ 

ਲੈਸਟਰ(ਇੰਗਲੈਂਡ) 04 ਅਕਤੂਬਰ (ਗੁਰਨਾਮ ਸਿੰਘ ਬਿਲਗਾ)-

ਸਿੱਖ ਦੁਨੀਆਂ ਭਰ ਵਿੱਚ ਜਿੱਥੇ ਵੀ ਰੋਜ਼ੀ ਰੋਟੀ ਕਮਾਉਣ ਲਈ ਗਏ ਉਹਨਾ ਉੱਥੇ ਹੀ ਪੰਥ ਅਤੇ ਸਿੱਖ ਭਾਵਨਾਵਾਂ ਨਾਲ ਜੁੜੇ ਰਹਿਣ ਲਈ ਗੁਰੂ ਘਰਾਂ ਦਾ ਨਿਰਮਾਣ ਵੀ ਕੀਤਾ। ਬਹੁਤਾਤ ਗੁਰੂ ਘਰਾਂ ਵਿੱਚ ਪਰਬੰਧਾਂ ਨੂੰ ਚਲਾਉਣ ਲਈ ਅਹੁਦੇਦਾਰੀਆਂ ਅਤੇ ਨਿਯੁਕਤੀਆਂ ਵੋਟ ਪ੍ਰਣਾਲੀ ਰਾਹੀਂ ਹੀ ਕੀਤੀਆਂ ਜਾਂਦੀਆਂ ਹਨ। ਭਾਈ ਮਨਜੀਤ ਸਿੰਘ ਪਾਸਲਾ ਸਰੰਗੀ ਵਾਦਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਗਲੈਂਡ ਦੇ ਲੈਸਟਰ ਸ਼ਹਿਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਈਸਟ ਪਾਰਕ ਰੋਡ ਵਿਖੇ ਬੀਤੇ ਦਿਨੀ ਹੋਈ ਚੋਣ ਵਿੱਚ ਸ. ਗੁਰਨਾਮ ਸਿੰਘ ਰਾਏ ਨੂੰ ਪ੍ਰਧਾਨ ਚੁਣਿਆ ਗਿਆ।ਸ.ਗੁਰਨਾਮ ਸਿੰਘ ਰਾਏ ਦਾ ਪਿਛੋਕੜ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉਟਾਲ ਨਾਲ ਸੰਬੰਧਿਤ ਹੈ। ‘ਤੀਰ’ ਗਰੁੱਪ ਦੇ ਗੁਰਨਾਮ ਸਿੰਘ ਰਾਏ ਨੇ 1995 ਵੋਟਾਂ ਪ੍ਰਾਪਤ ਕੀਤੀਆਂ।ਜਦ ਕਿ ਵਿਰੋਧੀ ‘ਸਰਬੱਤ ਦਾ ਭਲਾ’ ਗਰੁੱਪ ਦੇ ਸ. ਸੁਖਵੰਤ ਸਿੰਘ ਨੂੰ 622 ਵੋਟਾਂ ਪ੍ਰਾਪਤ ਹੋਈਆਂ। ਪਿਛਲੇ 24 ਸਾਲ ਤੋਂ ਇੰਗਲੈਂਡ ਦੀ ਲੈਸਟਰ ਸ਼ਹਿਰ ਦੀਆਂ ਧਾਰਮਿਕ ਸਰਗਰਮੀਆਂ ਵਿੱਚ ਮੋਹਰੀ ਰਹਿਣ ਵਾਲੇ ਸ.ਗੁਰਨਾਮ ਸਿੰਘ ਰਾਏ 1373 ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ। ਗੁਰਦੁਆਰਾ ਸਾਹਿਬ ਨਾਲ ਜੁੜੀ ਸੰਗਤ ਨੇ ਤੀਰ ਗਰੁੱਪ ਨਾਲ ਜੁੜੇ ਅਹੁਦੇਦਾਰਾਂ ਨੂੰ ਮਿਲੀ ਜਿੱਤ ‘ਤੇ ਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਸਾਰਿਆਂ ਦੇ ਭਲੇ ਦੀ ਅਰਦਾਸ ਕੀਤੀ। ਭਾਈ ਪਾਸਲਾ ਨੇ ਦੱਸਿਆ ਕਿ ਰਾਏ ਪਰਿਵਾਰ ਬਹੁਤ ਹੀ ਮਿਹਨਤੀ ਅਤੇ ਗੁਰੂ ਘਰਾਂ ਵਿੱਚ ਲਗਨ ਨਾਲ ਸੇਵਾ ਕਰਨ ਵਾਲਾ ਪਰਿਵਾਰ ਹੈ। ਦੋ ਸਾਲਾਂ ਲਈ ਮਿਲੀ ਇਸ ਸੇਵਾ ਲਈ ਰਾਏ ਪਰਿਵਾਰ ਵਧਾਈ ਦਾ ਪਾਤਰ ਹੈ।