ਬਿਲਗਾ ਦੇ ਤਾਰਾ ਸਿੰਘ ਅਤੇ ਪਲਾਹਾ ਟਰਾਲੀ ਵਾਲੇ ਰਾਹਗੀਰਾਂ ਦੀ ਜਾਨ ਦੇ ਦੁਸ਼ਮਣ ਬਣੇ -ਕਾਮਰੇਡ ਸੰਤੋਖ ਸਿੰਘ ਬਿਲਗਾ
ਜਲੰਧਰ,10 ਅਕਤੂਬਰ (ਗੁਰਨਾਮ ਸਿੰਘ ਬਿਲਗਾ)
ਦੁਨੀਆਂ ਭਰ ਵਿੱਚ ਬਿਲਗੇ ਦੀਆਂ ਟਰਾਲੀਆਂ ਦੀ ਮਸ਼ਹੂਰੀ ਖੱਟਣ ਵਾਲਿਆਂ ਨੇ ਸਥਾਨਕ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ ਪਲਾਹਾ ਅਤੇ ਤਾਰਾ ਸਿੰਘ ਟਰਾਲੀਆਂ ਵਾਲਿਆਂ ਦੀਆਂ ਮਨਮਾਨੀਆਂ ਦੇ ਖਿਲਾਫ਼ ਨਗਰ ਵਾਸੀਆਂ ਨੇ ਪਹਿਲਾਂ ਭਾਈਚਾਰਕ ਤੌਰ ‘ਤੇ ਇਹਨਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਕਿ ਤੁਸੀਂ ਟਰਾਲੀਆਂ ਦੇ ਆਪਣੇ ਕਾਰੋਬਾਰ ਨੂੰ ਆਪਣੀ ਹਦੂਦ ਦੇ ਅੰਦਰ ਕਰੋ। ਪਰ ਇਹਨਾਂ ਦੋਨਾਂ ਫਰਮਾਂ ਨੇ ਟਰਾਲੀਆਂ ਦਾ ਕਾਰੋਬਾਰ ਨੂਰਮਹਿਲ ਵਾਲੀ ਮੁੱਖ ਸੜਕ ‘ਤੇ ਕਬਜ਼ਾ ਕਰਕੇ ਜਾਰੀ ਰੱਖਿਆ ਅਤੇ ਆਮ ਲੋਕਾਂ ਦਾ ਲੰਘਣਾ ਮੁਸ਼ਕਿਲ ਕਰ ਦਿੱਤਾ ਹੈ। ਨਗਰ ਪੰਚਾਇਤ ਦਫਤਰ ਵੱਲੋਂ ਵੀ ਇਹਨਾਂ ਨੂੰ ਵਾਰ-ਵਾਰ ਨੋਟਿਸ ਦਿੱਤੇ ਪਰ ਇਹਨਾਂ ਦੇ ਕੰਨ ‘ਤੇ ਜੂੰ ਨਹੀਂ ਸਰਕੀ।
ਅੱਜ ਜਮਹੂਰੀ ਕਿਸਾਨ ਸਭਾ, ਸਕੂਲੀ ਬੱਸਾਂ ਦੇ ਮਾਲਕਾਂ ਤੇ ਡਰਾਈਵਰਾਂ ਅਤੇ ਨਗਰ ਵਾਸੀਆਂ ਨੇ ਮਿਲ ਕੇ ਨਗਰ ਪੰਚਾਇਤ ਦਫਤਰ ਵਿੱਚ ਧਰਨਾ ਦਿੱਤਾ ਜਿਸ ਵਿੱਚ ਤਾਰਾ ਸਿੰਘ ਵਾਲਿਆਂ ਦੇ ਹਰਜਿੰਦਰ ਸਿੰਘ ਅਤੇ ਪਲਾਹਾ ਵਾਲਿਆਂ ਦੇ ਬਲਵੀਰ ਸਿੰਘ ਪਲਾਹਾ ਨੇ ਪਿੰਡ ਵਾਲਿਆਂ ਕੋਲ ਆਪਣੀ ਕੀਤੀ ਗਲਤੀ ਦਾ ਅਹਿਸਾਸ ਕਰਦਿਆਂ ਅੱਗੇ ਤੋਂ ਸੜਕ ਦੇ ਕਿਨਾਰੇ ਕਿਸੇ ਵੀ ਟਰਾਲੀ ਦਾ ਕੰਮ ਕਰਨ ਤੋਂ ਤੌਬਾ ਕੀਤੀ। ਕਾਮਰੇਡ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਜੇਕਰ ਇਹ ਲੋਕ ਹੁਣ ਵੀ ਨਾ ਸੁਧਰੇ ਤਾਂ ਅਸੀਂ ਇਹਨਾਂ ਦੋਨਾਂ ਦੀਆਂ ਵਰਕਸ਼ਾਪਾਂ ਵਾਲਾ ਰਸਤਾ ਆਪਣਾ ਟਰਾਲੀਆਂ ਨਾਲ ਬੰਦ ਕਰਾਂਗੇ,ਜਿਸ ਦੇ ਜਿੰਮੇਵਾਰ ਇਹ ਲੋਕ ਅਤੇ ਪ੍ਰਸ਼ਾਸਨ ਹੋਵੇਗਾ। ਕਾਰਜ ਸਾਧਕ ਅਫਸਰ ਬਲਜੀਤ ਸਿੰਘ ਨੇ ਦੋਨਾਂ ਫਾਰਮਾਂ ਵਾਲਿਆਂ ਨੂੰ ਅੰਤਿਮ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਤੁਸੀਂ ਕਿਸੇ ਵੀ ਟਰਾਲੀ ਨੂੰ ਸੜਕ ਦੇ ਕਿਨਾਰੇ ‘ਤੇ ਖੜਾ ਕਰਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਤੁਹਾਡੀ ਟਰਾਲੀ ਜਬਤ ਕਰ ਲਈ ਜਾਵੇਗੀ।ਨਾਲ ਹੀ ਉਹਨਾਂ ਦੱਸਿਆ ਕਿ ਨਗਰ ਦੇ ਮੇਨ ਬਾਜ਼ਾਰ ਵਿੱਚ ਵੀ ਪੰਜ ਵਿਅਕਤੀਆਂ ਦੀ ਡਿਊਟੀ ਲਗਾ ਦਿੱਤੀ ਜੋ ਕਿ ਕਿਸੇ ਵੀ ਦੁਕਾਨਦਾਰ ਨੂੰ ਰਸਤੇ ਵਿੱਚ ਸਮਾਨ ਨਹੀਂ ਲਾਉਣ ਦੇਣਗੇ ਜਿਸ ਨਾਲ ਲੋਕਾਂ ਨੂੰ ਲੰਘਣ ਵਿੱਚ ਕੋਈ ਦਿੱਕਤ ਆਉਂਦੀ ਹੋਵੇ।ਜੇਕਰ ਫਿਰ ਵੀ ਕੋਈ ਮਨਮਾਨੀ ਕਰਦਾ ਹੈ ਤਾਂ ਇਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।