ਪੰਜਾਬ ਤੋਂ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ ਲਈ ਜ਼ਰੂਰੀ ਤੇ ਵੱਡੀ ਖਬਰ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੁਹਾਨੂੰ ਚੰਡੀਗੜ੍ਹ ਨਹੀਂ ਉਤਾਰਨਗੀਆਂ। ਟਾਈਮ ਟੇਬਲ ਅਤੇ ਬੱਸ ਅੱਡਾ ਐਂਟਰੀ ਫੀਸ ਤੋਂ ਤੰਗ ਆ ਕੇ ਪਨਬਸ ਦੇ ਮੁਲਾਜ਼ਮਾਂ ਨੇ ਅਜਿਹਾ ਫੈਸਲਾ ਲਿਆ ਹੈ। ਸੀਟੀਯੂ ਨਾਲ ਨਾਰਾਜ਼ਗੀ ਕਾਰਨ ਪੰਜਾਬ ਰੋਡਵੇਜ਼ ਨੇ ਮੰਗਲਵਾਰ ਨੂੰ ਪੂਰਾ ਦਿਨ ਚੰਡੀਗੜ੍ਹ ਵਿੱਚ ਆਪਣੀਆਂ ਬੱਸਾਂ ਦੀ ਐਂਟਰੀ ਬੰਦ ਰੱਖੀ। 500 ਤੋਂ ਵੱਧ ਬੱਸਾਂ ਮੁਹਾਲੀ ਤੱਕ ਹੀ ਆਈਆਂ ਅਤੇ ਵਾਪਸ ਪਰਤ ਗਈਆਂ। ਮਾਝਾ, ਮਾਲਵਾ ਤੇ ਦੁਆਬੇ ਦੀ ਇੱਕ ਵੀ ਬੱਸ ਚੰਡੀਗੜ੍ਹ ਬੱਸ ਅੱਡੇ ਨਹੀਂ ਪਹੁੰਚੀ। ਬੁੱਧਵਾਰ ਨੂੰ ਪੀਆਰਟੀਸੀ ਵੀ ਸਵੇਰੇ 11 ਵਜੇ ਤੋਂ ਚੰਡੀਗੜ੍ਹ ਲਈ ਆਪਣੀ ਐਂਟਰੀ ਬੰਦ ਕਰ ਦਿੱਤੀ ਹੈ। ਬੱਸ ਯੂਨੀਅਨ ਦੇ ਇਸ ਫੈਸਲੇ ਕਾਰਨ ਮੰਗਲਵਾਰ ਨੂੰ ਸੈਂਕੜੇ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।