ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ
1 min read

ਹਲਕਾ ਨਕੋਦਰ ਤੋਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ ਵਿੱਚ ਨਿਤਰਿਆ

ਨਕੋਦਰ,07 ਨਵੰਬਰ (ਗੁਰਨਾਮ ਸਿੰਘ ਬਿਲਗਾ) ਐਸ.ਡੀ.ਐਮ. ਦਫਤਰ ਨਕੋਦਰ ਵਿਖੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ ਅਤੇ ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜ ਕਮਲ ਸਿੰਘ ਦੀ ਅਗਵਾਈ ਹੇਠ ਐਸ.ਡੀ.ਐਮ. ਨਕੋਦਰ ਨੂੰ ਮੈਮੋਰੈਂਡਮ ਦਿੱਤਾ ਗਿਆ।ਇਸ ਮੌਕੇ ‘ਤੇ ਸਾਬਕਾ ਵਿਧਾਇਕ ਅਤੇ ਹਲਕਾ ਨਕੋਦਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਹਰੀ ਹੋ ਕੇ ਚੱਲ ਰਹੇ ਐਡਵੋਕੇਟ ਰਾਜ ਕਮਲ ਸਿੰਘ ਨੇ ਕਿਹਾ ਕਿ  ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰੀ ਬੀਜੇਪੀ ਸਰਕਾਰ ਦੀ ਮਿਲੀਭੁਗਤ ਨਾਲ ਡੂੰਘੀ ਸਾਜਿਸ਼ ਤਹਿਤ ਪੰਜਾਬ ਭਰ ਵਿੱਚ ਝੋਨੇ ਦੀ ਖਰੀਦ ਵਿੱਚ ਵੱਡਾ ਸੰਕਟ ਖੜਾ ਕੀਤਾ ਗਿਆ ਹੈ । ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਪੰਜਾਬ ਦੀ ਕਿਸਾਨੀ ਨੂੰ ਕੰਗਾਲੀ ਅਤੇ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ। ਅੱਜ ਝੋਨੇ ਦੀ ਖਰੀਦ ਵਿੱਚ ਜਾਣ-ਬੁਝ ਕੇ ਅਜਿਹੇ ਹਾਲਾਤਾਂ ਪੈਦਾ ਕਰ ਦਿੱਤੇ ਗਏ ਹਨ ਕਿ ਕਿਸਾਨ ਪਿਛਲੇ ਇੱਕ ਮਹੀਨੇ ਤੋਂ ਮੰਡੀਆਂ ਵਿੱਚ ਰੁਲ ਰਿਹਾ ਹੈ ਪਰ ਉਸ ਦੀ ਮਿਹਨਤ ਨਾਲ ਪਾਲੀ ਫਸਲ ਨੂੰ ਖਰੀਦਿਆ ਨਹੀਂ ਜਾ ਰਿਹਾ।ਕਿਸਾਨ ਮਜਬੂਰ ਹੋ ਕੇ ਝੋਨੇ ਦੇ 100 ਕੱਟੂ ਪਿੱਛੇ ਅੱਠ-ਅੱਠ ਕੱਟੂ ਤੱਕ ਵਧੇਰੇ ਦੇ ਕੇ ਝੋਨਾ ਵੇਚ ਰਿਹਾ ਹੈ। ਹੁਣ ਜਦੋਂ ਕਣਕ ਦੀ ਬਜਾਈ ਸ਼ੁਰੂ ਹੋ ਗਈ ਹੈ ਤਾਂ ਕਿਸਾਨਾਂ ਨੂੰ ਡੀ.ਏ.ਪੀ. ਦੀ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਸਹਿਕਾਰੀ ਸਭਾਵਾਂ ਦੇ ਬਾਹਰ ਗੇੜੇ ਮਾਰ ਰਹੇ ਹਨ 5.5 ਲੱਖ ਮੀਟਰਿਕ ਟਨ ਡੀ.ਏ.ਪੀ.ਦੀ ਲੋੜ ਦੇ ਮੁਤਾਬਿਕ ਸੂਬੇ ਨੂੰ 2.76 ਲੱਖ ਮੀਟਰਿਕ ਟਨ ਖਾਦ ਹੀ ਮਿਲੀ ਹੈ।ਕਣਕ ਅਤੇ ਹੋਰ ਫਸਲਾਂ ਦੀ ਬਜਾਈ ਲਈ 58 ਫੀਸਦੀ ਡੀ.ਏ.ਪੀ.ਦੀ ਘਾਟ ਹੈ ‘ਆਪ’ ਸਰਕਾਰ ਕੇਂਦਰ ਤੋਂ ਬਣਦਾ ਹਿੱਸਾ ਲੈਣ ਲਈ ਨਕਾਮ ਰਹਿ ਕੇ ਕਿਸਾਨਾਂ ਨੂੰ ਬਰਬਾਦ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਡੀ.ਏ.ਪੀ.ਖਾਦ ਦੀ ਕੀਤੀ ਕਟੌਤੀ ਦੇ ਸਵਾਲ ‘ਤੇ ਭਾਜਪਾ ਨੇਤਾਵਾਂ ਨੂੰ ਵੀ ਜਵਾਬ ਦੇਣਾ ਪਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਪਰਵਿੰਦਰ ਸਿੰਘ ਸ਼ਾਮਪੁਰ, ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੇਜਰ ਸਿੰਘ ਔਜਲਾ, ਸਰਕਲ ਪ੍ਰਧਾਨ ਬਿਲਗਾ ਹਰਬੰਸ ਸਿੰਘ ਦਰਦੀ, ਕੌਮੀ ਮੀਤ ਪ੍ਰਧਾਨ ਹਰਬਲਜੀਤ ਸਿੰਘ ਲੱਧੜ,ਵਾਈਸ ਚੇਅਰਮੈਨ ਕਮਲਜੀਤ ਸਿੰਘ ਪੁਵਾਦੜਾ,ਸਰਪੰਚ ਜਸਵਿੰਦਰ ਸਿੰਘ ਮੁਆਈ, ਨੰਬਰਦਾਰ ਬਲਜੀਤ ਸਿੰਘ ਬਹਾਦਰਪੁਰ, ਗੁਰਜੀਤ ਸਿੰਘ ਬਹਾਦਰਪੁਰ, ਰਣਜੀਤ ਸਿੰਘ ਸਾਗਰਪੁਰ, ਗੁਰਦੇਵ ਸਿੰਘ ਬਿਲਗਾ,ਗੁਰਪ੍ਰੀਤ ਸਿੰਘ ਭੰਡਾਲ ਬੂਟਾ,ਮਨਵੀਰ ਸਿੰਘ ਬਿਲਗਾ,ਸਿਕੰਦਰ ਸਿੰਘ ਬਿਲਗਾ ਅਤੇ ਹੋਰ ਅਕਾਲੀ ਵਰਕਰ ਮੌਜੂਦ ਸਨ।