ਦਿੱਲੀ ਪਹੁੰਚੇ ਦੇਸ਼ ਭਰ ਤੋਂ ਕਿਸਾਨ! 400 ਤੋਂ ਵੱਧ ਜਥੇਬੰਦੀਆਂ ਦੀ ਕੇਂਦਰ ਨੂੰ ਵੰਗਾਰ!
1 min read

ਦਿੱਲੀ ਪਹੁੰਚੇ ਦੇਸ਼ ਭਰ ਤੋਂ ਕਿਸਾਨ! 400 ਤੋਂ ਵੱਧ ਜਥੇਬੰਦੀਆਂ ਦੀ ਕੇਂਦਰ ਨੂੰ ਵੰਗਾਰ!

ਚੰਡੀਗੜ੍ਹ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਲਗਾਤਾਰ ਚਲਾਇਆ ਜਾ ਰਿਹਾ ਹੈ। ਇਸ ਵਿਚਾਲੇ ਦੇਸ਼ ਦੀਆਂ 400 ਤੋਂ ਵੱਧ ਕਿਸਾਨ ਤੇ ਹੋਰ ਭਾਈਵਾਲ ਜਥੇਬੰਦੀਆਂ ਅੱਜ ਦਿੱਲੀ ਵਿੱਚ ਮੋਦੀ ਸਰਕਾਰ ਨੂੰ ਵੰਗਾਰਣਗੀਆਂ। ਜਥੇਬੰਦੀਆਂ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਕਿਸਾਨ-ਮਜ਼ਦੂਰ ਮਹਾਪੰਚਾਇਤ’ ਕੀਤੀ ਜਾ ਰਹੀ ਹੈ। ਰੈਲੀ ਲਈ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਕਿਸਾਨਾਂ ਦੇ ਜਥੇ ਦਿੱਲੀ ਪਹੁੰਚੇ ਹਨ। ਦੇਸ਼ ਭਰ ਤੋਂ ਕਿਸਾਨ ਰੇਲਾਂ, ਬੱਸਾਂ ਤੇ ਨਿੱਜੀ ਵਾਹਨਾਂ ਰਾਹੀਂ ਪਹੁੰਚ ਰਹੇ ਹਨ। ਦੱਸ ਦਈਏ ਕਿ ਦਿੱਲੀ ਪੁਲਿਸ ਨੇ 23 ਸਖ਼ਤ ਸ਼ਰਤਾਂ ਸਮੇਤ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਮਹਾਪੰਚਾਇਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਕੋਈ ਕਿਸਾਨ ਟਰੈਕਟਰ-ਟਰਾਲੀ ਨਹੀਂ ਲਿਆਏਗਾ ਤੇ ਰਾਤ ਨੂੰ ਮਹਾਪੰਚਾਇਤ ਵਾਲੇ ਸਥਾਨ ’ਤੇ ਨਹੀਂ ਰੁਕੇਗਾ। ਕੋਈ ਇੱਥੇ ਖਾਣਾ ਨਹੀਂ ਪਕਾਏਗਾ ਤੇ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕਰੇਗਾ।