ਇੱਕ ਪਾਸੇ ਜਿੱਥੇ ਸੀਐਮ ਭਗਵੰਤ ਮਾਨ ਵੀਰਵਾਰ ਨੂੰ ਪੰਜਾਬ ਦੀ ਫਤਿਹਗੜ੍ਹ ਸਾਹਿਬ ਸੀਟ ‘ਤੇ ਰੋਡ ਸ਼ੋਅ ਕਰਨ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਆਪਣੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ। ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਆਵਾਜਾਈ ਦੇ ਰੂਟ ਮੋੜ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਫਤਹਿਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਗੇ। ਬਾਅਦ ਦੁਪਹਿਰ 2 ਵਜੇ ਮੇਨ ਖਮਾਣੋਂ ਸਥਿਤ ਫਾਰਮ ਹਾਊਸ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਜਾਵੇਗਾ। ਜਿਸ ਤੋਂ ਬਾਅਦ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਕਰੀਬ 35 ਕਿਲੋਮੀਟਰ ਲੰਬਾ ਰੋਡ ਸ਼ੋਅ ਕੱਢਿਆ ਜਾਵੇਗਾ।
ਜਦਕਿ ਸੁਖਬੀਰ ਬਾਦਲ ਫਤਹਿਗੜ੍ਹ ਸਾਹਿਬ ਦੇ ਖੰਨਾ ਵਿਧਾਨ ਸਭਾ ਹਲਕੇ ‘ਚ ਪੰਜਾਬ ਬਚਾਓ ਯਾਤਰਾ ਕੱਢਣਗੇ। ਯਾਤਰਾ ਦੁਪਹਿਰ ਬਾਅਦ ਸ਼ਹੀਦ ਕਰਨੈਲ ਸਿੰਘ ਦੇ ਪਿੰਡ ਈਸੜੂ ਤੋਂ ਸ਼ੁਰੂ ਹੋਵੇਗੀ। ਖੰਨਾ ਦੀ ਯਾਤਰਾ ਮਲੇਰਕੋਟਲਾ ਰੋਡ ਤੋਂ ਲੰਘ ਕੇ ਜੀ.ਟੀ.ਰੋਡ ਰਾਹੀਂ ਕਈ ਮੁਹੱਲਿਆਂ ਦਾ ਦੌਰਾ ਕਰਕੇ ਸ਼ਾਮ ਨੂੰ ਸਮਾਪਤ ਹੋਵੇਗੀ। ਇਸ ਦੌਰਾਨ ਸੁਖਬੀਰ ਬਾਦਲ ਆਪਣੀ ਪਾਰਟੀ ਦੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਵੋਟਾਂ ਮੰਗਣਗੇ ਅਤੇ ਦਫਤਰ ਦਾ ਉਦਘਾਟਨ ਵੀ ਕਰਨਗੇ।