ਵੈਸੇ ਤਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣੀਆਂ ਪੰਜਾਬ ਦੀਆਂ ਸਾਰੀਆਂ ਸੜਕਾਂ ਹਾਲਤ ਹੀ ਨਿਰਾਸ਼ਾਜਨਕ ਹੈ ਪਰ ਬਿਲਗਾ-ਨੂਰਮਹਿਲ-ਮੁਆਈ ਸੜਕ ਦੀ ਤਰਸਯੋਗ ਹਾਲਤ ਨੇ ਬੀਤੇ ਵਰਿਆਂ ਵਿੱਚ ਇਲਾਕਾ ਵਾਸੀਆਂ ਦੇ ਹੀਲੇ ਕਢਵਾ ਦਿੱਤੇ। ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਦੋ ਸਾਲਾਂ ਦੇ ਪੁਰਜੋਰ ਯਤਨਾਂ ਸਦਕਾ ਅੱਜ ਇਸ ਸੜਕ ਦਾ ਰਸਮੀ ਨੀਹ ਪੱਥਰ ਰੱਖਿਆ ਗਿਆ।ਬੀਬੀ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡਾਂ ਦੇ ਸਾਰੇ ਪੈਸੇ ਰੋਕਣ ਕਾਰਨ ਸੜਕਾਂ ਬਣਨ ਵਿੱਚ ਦੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਮੈਂ ਸ. ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਇਲਾਕੇ ਦੀ ਮੁੱਖ ਸਮੱਸਿਆ ਨੂੰ ਸਮਝਦੇ ਹੋਏ ਇਸ ਸੜਕ ਨੂੰ ਦੁਬਾਰਾ ਬਣਾਉਣ ਲਈ ਤੁਰੰਤ ਰਾਸ਼ੀ ਜਾਰੀ ਕੀਤੀ ਹੈ।ਬੀਬੀ ਮਾਨ ਨੇ ਮਿਆਦ ਪੁੱਗ ਚੁੱਕੇ ਰੁੱਖਾਂ ਨੂੰ ਸੜਕ ਦੇ ਕਿਨਾਰਿਆਂ ਤੋਂ ਹਟਾਉਣ ਲਈ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਵੀ ਆਖਿਆ।ਬੀਤੇ ਦਿਨੀ ਟਰੱਕ ਯੂਨੀਅਨ ਦੇ ਪ੍ਰਧਾਨ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਮਾਨ ਨੇ ਕਿਹਾ ਕਿ ਕੁਝ ਵੇਹਲੜ ਲੋਕ ਸੌੜੀ ਸੋਚ ਦਾ ਸ਼ਿਕਾਰ ਹੋ ਕੇ ਘਟੀਆ ਦਰਜੇ ਦੀ ਰਾਜਨੀਤੀ ਕਰ ਰਹੇ ਹਨ। ਲੋਕ ਸਭਾ ਚੋਣਾਂ ਦੇ ਸਬੰਧੀ ਕਾਂਗਰਸ ਨਾਲ ਚੋਣ ਗੱਠਜੋੜ ਬਾਰੇ ਉਹਨਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਅਸੀਂ ਉਸ ‘ਤੇ ਫੁੱਲ ਚੜਾਵਾਂਗੇ।ਇਸ ਮੌਕੇ ‘ਤੇ ਨਗਰ ਪੰਚਾਇਤ ਬਿਲਗਾ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ,ਬਿਜਲੀ ਵਿਭਾਗ ਦੇ ਐਸ.ਡੀ.ਓ. ਸ੍ਰੀ ਤਰਸੇਮ ਲਾਲ ਸੁਮਨ,ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਅਤੇ ਇਲਾਕਾ ਭਰ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਮੌਜੂਦ ਸਨ।