ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਦੋਸਤ, ਫਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ, ਕਾਮੇਡੀਅਨ ਅਤੇ ਗਾਇਕ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣਗੇ। ਮੁੱਖ ਮੰਤਰੀ ਅੱਜ ਦੋ ਥਾਵਾਂ ‘ਤੇ ਰੋਡ ਸ਼ੋਅ ਕਰਨਗੇ। ਇਸ ਦੌਰਾਨ ਮੋਗਾ ਅਤੇ ਜੈਤੋ ਦੇ ਰੋਡ ਸ਼ੋਅ ਹੋਣਗੇ। ਦੋਵਾਂ ਰੋਡ ਸ਼ੋਅ ਦਾ ਸਮਾਂ 3 ਅਤੇ 4 ਵਜੇ ਦਾ ਤੈਅ ਕੀਤਾ ਗਿਆ ਹੈ। ਹਾਲਾਂਕਿ, ਕਰਮਜੀਤ ਅਨਮੋਲ ਲਈ, ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਹਰ ਰੋਜ਼ ਪ੍ਰਮੋਸ਼ਨ ਲਈ ਪਹੁੰਚ ਰਹੇ ਹਨ।
ਫਰੀਦਕੋਟ ਲੋਕ ਸਭਾ ਸੀਟ ਪੰਜਾਬ ਦੀ ਹੌਟ ਸੀਟ ਬਣੀ ਹੋਈ ਹੈ। ਕਿਉਂਕਿ ਇੱਥੇ ਭਾਜਪਾ ਵੱਲੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਕਾਂਗਰਸ ਨੇ ਅਮਰਜੀਤ ਕੌਰ ਸਾਹੋਕੇ ‘ਤੇ ਦਾਅ ਲਗਾਇਆ ਹੈ। ਹੁਣ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਭਾਵੇਂ ਪਹਿਲਾਂ ਇਸ ਸੀਟ ‘ਤੇ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਚਾਲੇ ਹੀ ਸਿੱਧਾ ਮੁਕਾਬਲਾ ਸੀ ਪਰ ਇਸ ਵਾਰ ਬਹੁ-ਪੱਖੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ।