ਭਾਵੇਂ ਕਿ ਸਰਕਾਰਾਂ ਆਖ ਰਹੀਆਂ ਹਨ ਕਿ ਕਿਸਾਨਾਂ ਦਾ ਇੱਕ-ਇੱਕ ਦਾਣਾ ਮੰਡੀ ਵਿੱਚੋਂ ਚੁੱਕਿਆ ਜਾਵੇਗਾ ਪਰ ਸਰਕਾਰ ਵੱਲੋਂ ਝੋਨੇ ਨੂੰ ਖਰੀਦਣ ਦੀਆਂ ਨੀਤੀਆਂ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਣ ਲਈ ਮਜਬੂਰ ਕਰ ਦਿੱਤਾ ਹੈ। ਦਾਣਾ ਮੰਡੀ ਤਲਵਨ ਵਿੱਚ ਅੱਜ ਕਿਸਾਨਾਂ ਨੇ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਲਈ ਨਮੀਂ ਦੀ ਦਰ 17 ਤੋਂ ਵਧਾ ਕੇ 20 ਫੀਸਦੀ ਕੀਤੀ ਜਾਵੇ ਜਿਸ ਨਾਲ ਝੋਨੇ ਦੀ ਖਰੀਦ ਵਿੱਚ ਤੇਜ਼ੀ ਆਵੇਗੀ ਅਤੇ ਕਿਸਾਨਾਂ ਦੀ ਖੱਜਲ ਖੁਆਰੀ ਵੀ ਬੰਦ ਹੋ ਜਾਵੇਗੀ। ਇਕੱਤਰ ਹੋਏ ਕਿਸਾਨਾਂ ਨੇ ਦੂਸਰੀ ਸਭ ਤੋਂ ਵੱਡੀ ਸਮੱਸਿਆ ਮੰਡੀਆਂ ਵਿੱਚੋਂ ਝੋਨੇ ਚੁਕਾਈ ਨਾ ਹੋਣਾ ਦੱਸਿਆ। ਝੋਨੇ ਦੀ ਸਮੇਂ ਸਿਰ ਅਤੇ ਲਗਾਤਾਰ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਜਿਸ ਨਾਲ ਕਿਸਾਨਾਂ ਨੂੰ ਮੰਡੀ ਵਿੱਚ ਝੋਨਾ ਰੱਖਣ ਦੀ ਜਗ੍ਹਾ ਵੀ ਨਹੀਂ ਮਿਲ ਰਹੀ। ਇਕੱਤਰ ਹੋਏ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦੋ ਦਿਨਾਂ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਨੂਰਮਹਿਲ ਦੇ ਮੰਡੀ ਚੌਂਕ ਵਿੱਚ ਹੁਣ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਮੌਕੇ ‘ਤੇ ਗੁਰਪ੍ਰੀਤ ਸਿੰਘ ਅਟਵਾਲ, ਜਤਿੰਦਰ ਸਿੰਘ ਬਾਸੀ, ਜੁਝਾਰ ਸਿੰਘ ਜੌਹਲ, ਕਮਲਜੀਤ ਸਿੰਘ ਜੌਹਲ, ਅਮਨਪ੍ਰੀਤ ਸਿੰਘ ਗਦਰਾ, ਮਾਣਾ ਲੰਬਰਦਾਰ, ਸੁਰਿੰਦਰ ਸਿੰਘ ਖਿੰਡਾਂ, ਇੰਦਰਜੀਤ ਸਿੰਘ ਸੰਘੇੜਾ, ਮੋਤੀ ਸੰਘੇੜਾ, ਮੀਕਾ ਸੰਘੇੜਾ, ਭਿੰਦਰ ਹੁੰਦਲ, ਮੰਗਾ ਬਾਸੀ, ਬੂਟਾ ਅਟਵਾਲ, ਜਤਿੰਦਰ ਸਿੰਘ ਸੰਧੂ, ਕਰਨੈਲ ਸਿੰਘ ਬੁਰਜ਼, ਹਸਨ ਬੱਗਾ ਦੁਸਾਂਝ ਅਤੇ ਗੁਰਦਿਆਲ ਸਿੰਘ ਸਿੰਧੀ ਹਾਜ਼ਰ ਸਨ।