ਪੰਜਾਬ ‘ਚ ਕੰਗਣਾ ਦੀਆਂ ਮੁਸ਼ਕਿਲਾਂ ਵਧੀਆਂ: SGPC ਨੇ BJP MP ਅਤੇ ਫਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ
ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਣੌਤ ਅਤੇ ਫਿਲਮ ਦੇ ਨਿਰਮਾਤਾ ਨੂੰ ਫਿਲਮ ਐਮਰਜੈਂਸੀ ਲਈ ਨੋਟਿਸ ਭੇਜਿਆ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ‘ਤੇ ਦਿੱਤੇ ਗਏ ਵਿਵਾਦਤ ਬਿਆਨ ਨੂੰ ਲੈ ਕੇ ਕਿਸਾਨ ਨਾਰਾਜ਼ ਹਨ ਅਤੇ ਲਗਾਤਾਰ ਮੁਆਫੀ ਦੀ ਮੰਗ ਕਰ ਰਹੇ ਹਨ। ਹਾਲਾਂਕਿ ਭਾਜਪਾ ਮੀਡੀਆ ਸੈੱਲ ਨੇ ਖੁਦ ਹੀ ਕੰਗਨਾ ਰਣੌਤ ਦੇ ਬਿਆਨ ਤੋਂ ਦੂਰੀ ਬਣਾ ਕੇ ਇਕ ਬਿਆਨ ਜਾਰੀ ਕੀਤਾ ਹੈ। ਪਰ ਪੰਜਾਬ ਦੇ ਕਿਸਾਨ ਇਹ ਗੱਲ ਮੰਨਣ ਨੂੰ ਵੀ ਤਿਆਰ ਨਹੀਂ ਹਨ।
ਇਸ ਦੇ ਨਾਲ ਹੀ ਐਸਜੀਪੀਸੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੰਗਨਾ ਰਣੌਤ ਅਤੇ ਫਿਲਮ ਨਿਰਮਾਤਾ ਨੂੰ ਫਿਲਮ ਐਮਰਜੈਂਸੀ ਲਈ ਨੋਟਿਸ ਭੇਜਿਆ ਗਿਆ ਹੈ। ਜਦੋਂ ਕਿ ਕੁਝ ਦਿਨ ਪਹਿਲਾਂ ਹੀ SGPC ਨੇ ਜੀ-ਸਟੂਡੀਓ ਨੂੰ ਟ੍ਰੇਲਰ ਰਿਲੀਜ਼ ਕਰਨ ਵਿਰੁੱਧ ਨੋਟਿਸ ਭੇਜਿਆ ਸੀ।ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਵੱਲੋਂ ਭੇਜੇ ਨੋਟਿਸ ਵਿੱਚ ਕੰਗਨਾ ਰਣੌਤ ਸਮੇਤ ਫਿਲਮ ਦੇ ਨਿਰਮਾਤਾਵਾਂ ਨੂੰ ਜਨਤਕ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਰਿਲੀਜ਼ ਕੀਤੇ ਗਏ ਟ੍ਰੇਲਰ ਨੂੰ ਹਟਾਉਣ ਅਤੇ ਸਿੱਖ ਕੌਮ ਤੋਂ ਲਿਖਤੀ ਮੁਆਫੀ ਮੰਗਣ ਲਈ ਕਿਹਾ ਗਿਆ ਹੈ।