ਚੋਣ ਕਮਿਸ਼ਨ ਸ਼ਨੀਵਾਰ ਦੁਪਹਿਰ 3 ਵਜੇ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਕਮਿਸ਼ਨ ਦੁਪਹਿਰ ਨੂੰ ਇੱਕ ਪ੍ਰੈਸ ਕਾਨਫਰੰਸ ਕਰੇਗਾ ਜਿਸ ਵਿੱਚ ਸਮੁੱਚੇ ਚੋਣ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਦੇਸ਼ ‘ਚ ਕਿੰਨੇ ਪੜਾਵਾਂ ‘ਚ ਚੋਣਾਂ ਹੋ ਸਕਦੀਆਂ ਹਨ, ਇਸ ਸਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆ ਰਹੀਆਂ ਹਨ। ਮੀਡਿਆ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਅਤੇ ਬਿਹਾਰ ‘ਚ 6-7 ਪੜਾਵਾਂ ‘ਚ ਚੋਣਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਰਾਜਸਥਾਨ ਵਿੱਚ 2-3 ਪੜਾਅ, ਮੱਧ ਪ੍ਰਦੇਸ਼ ਵਿੱਚ 3-4 ਪੜਾਅ, ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ 1 ਪੜਾਅ। ਆਸਾਮ ਅਤੇ ਮਨੀਪੁਰ ਨੂੰ ਛੱਡ ਕੇ ਉੱਤਰ-ਪੂਰਬੀ ਰਾਜਾਂ ਵਿੱਚ 1 ਪੜਾਅ ਵਿੱਚ ਚੋਣਾਂ ਹੋ ਸਕਦੀਆਂ ਹਨ।
ਇਸ ਦੇ ਨਾਲ ਹੀ ਕਮਿਸ਼ਨ ਪਹਿਲਾਂ ਉਨ੍ਹਾਂ ਰਾਜਾਂ ਵਿੱਚ ਚੋਣਾਂ ਕਰਵਾ ਸਕਦਾ ਹੈ ਜਿੱਥੇ ਗਰਮੀ ਜ਼ਿਆਦਾ ਹੈ। ਸੰਭਵ ਹੈ ਕਿ ਪਹਿਲਾਂ ਉਨ੍ਹਾਂ ਰਾਜਾਂ ਵਿੱਚ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ ਜਿੱਥੇ ਤਾਪਮਾਨ ਜ਼ਿਆਦਾ ਵਧਦਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਤੇਲੰਗਾਨਾ ਸਮੇਤ ਰਾਜਾਂ ਵਿੱਚ ਵੋਟਿੰਗ ਹੋ ਸਕਦੀ ਹੈ। ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ, 2024 ਨੂੰ ਖਤਮ ਹੋਵੇਗਾ। ਇਸ ਤੋਂ ਪਹਿਲਾਂ ਨਵੀਂ ਲੋਕ ਸਭਾ ਦਾ ਗਠਨ ਹੋਣਾ ਹੈ। ਜਿਸ ਲਈ ਚੋਣ ਕਮਿਸ਼ਨ 16 ਮਾਰਚ ਦਿਨ ਸ਼ਨੀਵਾਰ ਨੂੰ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਜੇਕਰ ਪਿਛਲੀਆਂ ਲੋਕ ਸਭਾ ਚੋਣਾਂ 2019 ਦੀ ਗੱਲ ਕਰੀਏ ਤਾਂ ਇਸ ਦੀਆਂ ਤਰੀਕਾਂ ਦਾ ਐਲਾਨ ਚੋਣ ਕਮਿਸ਼ਨ ਨੇ 10 ਮਾਰਚ ਨੂੰ ਕੀਤਾ ਸੀ, ਜੋ ਸੱਤ ਪੜਾਵਾਂ ਵਿੱਚ ਕਰਵਾਈਆਂ ਗਈਆਂ ਸਨ। ਜਦੋਂ ਕਿ ਇਸ ਦੇ ਨਤੀਜੇ 23 ਮਈ ਨੂੰ ਸਾਹਮਣੇ ਆਏ ਸਨ।