ਜਿੱਤ ਦੇ ਮਗਰੋਂ ਮੋਹਿੰਦਰ ਭਗਤ ਦੇ ਘਰ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਸਮਰਥਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਢੋਲ ਵਜਾ ਕੇ ਵੈਸਟ ਹਲਕੇ ਵਿਚ ਭੰਗੜੇ ਪਾ ਕੇ ਜਿੱਤ ਦੀ ਖ਼ੁਸ਼ੀ ਮਨਾਈ ਜਾ ਰਹੀ ਹੈ। ਵੱਡੀ ਲੀਡ ਨਾਲ ਜਿੱਤਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੋਹਿੰਦਰ ਭਗਤ ਨੇ ਕਿਹਾ ਕਿ ਅੱਜ ਜੋ ਨਤੀਜੇ ਆਏ ਹਨ, ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਿਹਨਤ, ਉਨ੍ਹਾਂ ਦੇ ਪਰਿਵਾਰ ਅਤੇ ਸਾਰੇ ਹੀ ਵਾਲੰਟੀਅਰਾਂ ਦੀ ਦਿਨ-ਰਾਤ ਕੀਤੀ ਗਈ ਮਿਹਨਤ ਸਦਕਾ ਆਏ ਹਨ। ਜੋ ਅੱਜ ਨਤੀਜੇ ਆਏ ਹਨ, ਉਹ ਸਿਰਫ਼ ਮਾਨ ਸਾਬ੍ਹ ਵੱਲੋਂ ਕੀਤੇ ਗਏ ਚੰਗੇ ਕੰਮਾਂ ਨੂੰ ਲੈ ਕੇ ਆਏ ਹਨ।
ਉਨ੍ਹਾਂ ਨੇ ਕਿਹਾ ਕਿ ਵੱਡੀ ਲੀਡ ਨਾਲ ਜਨਤਾ ਨੇ ਜੋ ਵੀ ਮੈਨੂੰ ਵੋਟ ਦਿੱਤੀ ਹੈ, ਉਹ ਮਾਨ ਸਾਬ੍ਹ ਦੇ ਕੀਤੇ ਗਏ ਚੰਗੇ ਕੰਮਾਂ ਨੂੰ ਲੈ ਕੇ ਦਿੱਤੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੋ ਵੀ ਜਨਤਾ ਦੀਆਂ ਮੁੱਢਲੀਆਂ ਲੋੜਾਂ ਹਨ, ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੈਸਟ ਹਲਕੇ ਵਿਚ ਨਸ਼ੇ ਦੀ ਜੋ ਬੀਮਾਰੀ ਹੈ, ਉਸ ਨੂੰ ਵੀ ਹੱਲ ਕੀਤਾ ਜਾਵੇਗਾ। ਜਿਹੜੇ ਲੋਕ ਨਸ਼ੇ ਦੇ ਕੰਮਾਂ ਵਿਚ ਪਏ ਹਨ, ਉਨ੍ਹਾਂ ਦਾ ਸਰਕਾਰ ਪੂਰਾ ਇੰਤਜ਼ਾਮ ਕਰਕੇ ਬੈਠੀ ਹੈ, ਉਨ੍ਹਾਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।