ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਲੁਧਿਆਣਾ ‘ਚ ਆਪਣੇ ਦੋਸਤ ਦਾ ਘਰ ਲੈ ਲਿਆ ਹੈ। ਉਹ ਲੋਕ ਸਭਾ ਚੋਣਾਂ ਦੌਰਾਨ ਇੱਥੇ ਹੀ ਰਹਿਣਗੇ। ਪੂਰੇ ਪੰਜਾਬ ਲਈ ਮੁਹਿੰਮ ਲੁਧਿਆਣਾ ਤੋਂ ਹੀ ਚਲਾਈ ਜਾਵੇਗੀ। ਜਿਸ ਵੀ ਉਮੀਦਵਾਰ ਨੇ ਨਾਮਜ਼ਦਗੀ ਜਾਂ ਪ੍ਰਚਾਰ ਕਰਨਾ ਹੈ, ਉਹ ਇੱਥੋਂ ਜਾ ਕੇ ਸ਼ਾਮ ਤੱਕ ਵਾਪਸ ਆ ਜਾਵੇਗਾ। ਬਾਜਵਾ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਏ ਹਨ ਅਤੇ ਵਿਜੀਲੈਂਸ ਦੇ ਕੇਸਾਂ ਵਿਚ ਫਸੇ ਹੋਏ ਹਨ। ਕੁਝ ਆਗੂ ਅਜਿਹੇ ਵੀ ਹਨ, ਜਿਨ੍ਹਾਂ ਨੇ ਨੀਲੇ ਨੋਟਾਂ ਦੇ ਚੱਕਰ ਵਿੱਚ ਪਾਰਟੀ ਛੱਡ ਦਿੱਤੀ ਹੈ।
ਬਾਜਵਾ ਨੇ ਇਸ ਦੌਰਾਨ ਰਵਨੀਤ ਬਿੱਟੂ ‘ਤੇ ਵੀ ਤਿੱਖੇ ਬੋਲ ਬੋਲੇ। ਉਨ੍ਹਾਂ ਕਿਹਾ ਕਿ ਲੋਕ ਉਸ ਨੂੰ ਸਵੈ. ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਰਕੇ ਜਾਣਦੇ ਹਨ। ਬਿੱਟੂ ਨੇ ਸਭ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜੀ ਸੀ। ਉਸ ਨੇ 5 ਸਾਲਾਂ ਵਿੱਚ ਉੱਥੇ ਕਿਸੇ ਦੇ ਫੋਨ ਦਾ ਜਵਾਬ ਨਹੀਂ ਦਿੱਤਾ। ਉਸ ਨੂੰ ਪਤਾ ਸੀ ਕਿ ਉਹ ਚੋਣ ਹਾਰ ਜਾਵੇਗਾ, ਇਸ ਲਈ ਉਸ ਨੇ ਲੁਧਿਆਣਾ ਨੂੰ ਚੁਣਿਆ। ਪਰ ਹੁਣ ਪਿਛਲੇ 10 ਸਾਲਾਂ ਤੋਂ ਇੱਥੇ ਵੀ ਸਥਿਤੀ ਉਹੀ ਰਹੀ ਹੈ।