ਅਕਾਲੀ ਦਲ ਨੂੰ ਵੱਡਾ ਝਟਕਾ: ਸਾਬਕਾ ਵਿਧਾਇਕ ਪਵਨ ਟੀਨੂੰ ਸਮਰਥਕਾਂ ਸਮੇਤ ‘ਆਪ’ ‘ਚ ਸ਼ਾਮਲ
ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਟੀਨੂੰ ਪਾਰਟੀ ‘ਚ ਸ਼ਾਮਲ ਹੋਣ ਲਈ ਚੰਡੀਗੜ੍ਹ ਸਥਿਤ ਸੀਐੱਮ ਹਾਊਸ ਪੁੱਜੇ ਸਨ। ਉਨ੍ਹਾਂ ਦੀ ਸ਼ਮੂਲੀਅਤ ਸੀ.ਐਮ ਮਾਨ ਸਮੇਤ ਕਈ ਸੀਨੀਅਰ ਆਗੂਆਂ ਵਿੱਚ ਹੋਈ ਹੈ, ਉਨ੍ਹਾਂ ਦੇ ਨਾਲ ਉਨ੍ਹਾਂ ਦੇ ਕਈ ਸਮਰਥਕ ਵੀ ਅਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
ਟੀਨੂੰ ਦੇ ‘ਆਪ’ ‘ਚ ਸ਼ਾਮਲ ਹੋਣ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਟੀਨੂੰ ਜਲੰਧਰ ਸੀਟ ਤੋਂ ‘ਆਪ’ ਦੇ ਲੋਕ ਸਭਾ ਉਮੀਦਵਾਰ ਹੋ ਸਕਦੇ ਹਨ, ਕਿਉਂਕਿ ਟੀਨੂੰ ਦੀ ਜਲੰਧਰ ‘ਚ ਦਲਿਤ ਵੋਟਾਂ ‘ਤੇ ਮਜ਼ਬੂਤ ਪਕੜ ਹੈ। ਦੱਸ ਦਈਏ ਕਿ ਪਵਨ ਕੁਮਾਰ ਟੀਨੂੰ ਦੀ ਜਲੰਧਰ ਦੇ ਆਦਮਪੁਰ ਅਤੇ ਆਸਪਾਸ ਦੇ ਇਲਾਕਿਆਂ ‘ਚ ਚੰਗੀ ਪਕੜ ਹੈ। ਪਵਨ ਕੁਮਾਰ ਟੀਨੂੰ 2012 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਟੀਨੂੰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ ਹਨ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਲੜੀਆਂ, ਪਰ 70981 ਵੋਟਾਂ ਨਾਲ ਹਾਰ ਗਏ। ਟੀਨੂੰ 2017 ਵਿੱਚ ਦੂਜੀ ਵਾਰ ਵਿਧਾਇਕ ਚੁਣੇ ਗਏ ਸਨ। ਪਿਛਲੀਆਂ ਚੋਣਾਂ ਵਿੱਚ ਉਹ ਕਾਂਗਰਸ ਦੇ ਸੁਰਿੰਦਰ ਸਿੰਘ ਕੋਟਲੇ ਵਾਲੇ ਤੋਂ ਹਾਰ ਗਏ ਸਨ।