ਸਰਕਾਰੀ ਸਕੂਲ ਅਧਿਆਪਕ ਅੰਮ੍ਰਿਤ ਦੀ ਕਲਮ ਤੋਂ ਬਾਲ ਕਵਿਤਾ
1 min read

ਸਰਕਾਰੀ ਸਕੂਲ ਅਧਿਆਪਕ ਅੰਮ੍ਰਿਤ ਦੀ ਕਲਮ ਤੋਂ ਬਾਲ ਕਵਿਤਾ

“ਇਹ ਸੀ ਮੇਰਾ ਨਾਨਕ ਪਿਆਰਾ”

ਮੁੱਦਤ ਬਾਅਦ ਇੱਕ ਚਾਨਣ ਹੋਇਆ
ਛਿਪ ਗਏ ਤਾਰੇ ਅੰਧੇਰ ਪਲੋਆ
ਜਗਮਜ ਜਗਮਗ ਹੋਈ ਚੁਫੇਰੇ
ਕਿਰਨਾਂ ਢੁੱਕੀਆਂ ਆਣ ਬਨੇਰੇ
ਮਾਂ ਤ੍ਰਿਪਤਾ ਦੀ ਕੁੱਖੋਂ ਜਾਇਆ
ਭੈਣ ਨਾਨਕੀ ਲਾਡ ਲਡਾਇਆ
ਜਨੇਊ ਪਹਿਨਣੋਂ ਕਰ ਇਨਕਾਰ
ਮਿੱਥਾਂ ਤੋੜੀਆਂ ਪਹਿਲੀ ਵਾਰ
ਜਦ ਪਾਂਧੇ ਕੋਲ ਪੜ੍ਹਨੇ ਪਾਇਆ
ਤਦ ਪਾਂਧੇ ਨੂੰ ਆਪ ਪੜ੍ਹਾਇਆ
ਬਾਪੂ ਜੀ ਨੇ ਭੇਜਿਆ ਸ਼ਹਿਰ
ਸਾਧੂ ਮਿਲਗੇ ਸ਼ਿਖਰ ਦੁਪਹਿਰ
ਭੁੱਖਿਆ ਲਈ ਸੀ ਲੰਗਰ ਲਾਇਆ
ਸੱਚਾ ਸੌਦਾ ਇੰਝ ਕਮਾਇਆ
ਪਿਤਾ ਕਾਲੂ ਨੇ ਕਰੀ ਵਿਚਾਰ
ਕਹਿੰਦਾ ਕਾਕਾ ਕਰ ਵਿਉਪਾਰ
ਭੈਣ ਨੇ ਆਪਣੇ ਕੋਲ ਬੁਲਾਇਆ
ਮੋਦੀ ਖਾਨੇ ਨਾਨਕ ਆਇਆ
ਉਥੇ ਵੀ ਇੱਕ ਚੁਗਲ ਬੋਲਿਆ
ਕਹਿੰਦਾ ਇਸ ਨੇ ਘੱਟ ਤੋਲਿਆ
ਹਰ ਗੱਲ ਦੇ ਵਿੱਚ ਰੱਖਦਾ ਉਹਲੇ
ਬੱਸ ਬੈਠਾ ਤੇਰਾਂ ਤੇਰਾਂ ਤੋਲੇ
ਜਦ ਨਵਾਬ ਨੇ ‘ਸਾਬ ਮਿਲਾਇਆ
ਰੱਤੀ ਭਰ ਵੀ ਫਰਕ ਨਾ ਆਇਆ
ਫਿਰ ਨਾਨਕ ਧਰ ਮੋਢੇ ਖੇਸ
ਗਾਹ ਦਿੱਤੇ ਉਸ ਦੇਸ਼ -ਵਿਦੇਸ਼
ਨਾਲ ਲਿਆ ਮਰਦਾਨਾ ਸਾਥੀ
ਫਿਰ ਸਾਖੀ ਤੋਂ ਚਲ ਪਈ ਸਾਖੀ
ਚਾਰ ਉਦਾਸੀਆਂ ਚਾਰ ਦਿਸ਼ਾਵਾਂ
ਬਣੇ ਕਾਫਿਲੇ ਵਧੀਆਂ ਬਾਹਵਾਂ
ਦਿਨ ਮਹੀਨੇ ਲੰਘੇ ਸਾਲ
ਤੁੜੇ ਵਹਿਮ ਤਰਕ ਦੇ ਨਾਲ
ਕਿਰਤ ਕਮਾਓ, ਨਾਮ ਧਿਆਓ
ਵੰਡ ਕੇ ਖਾਓ ਲਾਇਆ ਨਾਅਰਾ
ਇਹ ਸੀ ਮੇਰਾ ਨਾਨਕ ਪਿਆਰਾ
ਇਹ ਸੀ ਮੇਰਾ ਨਾਨਕ ਪਿਆਰਾ

          ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਬਹੁਤ ਮੁਬਾਰਕਵਾਦ