ਪੰਜਾਬ ‘ਚ ਗਰਮੀ ਦਾ ਕਹਿਰ, ਮਈ ਮਹੀਨੇ ਟੁੱਟਿਆ 13 ਸਾਲ ਦਾ ਰਿਕਾਰਡ
ਪੰਜਾਬ ਵਿੱਚ ਇਨ੍ਹੀਂ ਦਿਨੀਂ ਗਰਮੀ ਲੋਕਾਂ ਨੂੰ ਖੂਬ ਪ੍ਰਭਾਵਿਤ ਕਰ ਰਹੀ ਹੈ।ਇਸ ਦੌਰਾਨ ਲੁਧਿਆਣਾ ਵਿੱਚ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ ਹੈ। ਮਈ ਮਹੀਨੇ ਵਿੱਚ ਤਾਪਮਾਨ ਪਿਛਲੇ 13 ਸਾਲਾਂ ‘ਚ ਪਹਿਲੀ ਵਾਰ ਮਈ ਦੇ ਪਹਿਲੇ ਹਫ਼ਤੇ ਹੀ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਨੂੰ ਪਾਰ ਕਰ ਗਿਆ ਹੈ। ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਰਿਹਾ। 2011 ਤੋਂ 2023 ਦੌਰਾਨ 15 ਮਈ ਤੋਂ ਬਾਅਦ ਹੀ ਤਾਪਮਾਨ 43 ਡਿਗਰੀ ਤੋਂ ਉਪਰ ਰਿਹਾ ਹੈ। 2019 ਵਿੱਚ 19 ਮਈ ਨੂੰ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ, 2014 ਵਿੱਚ 30 ਮਈ ਨੂੰ 43.5 ਡਿਗਰੀ, 2021 ਵਿੱਚ 28 ਮਈ ਨੂੰ 43.1 ਡਿਗਰੀ ਅਤੇ 2023 ਵਿੱਚ 23 ਮਈ ਨੂੰ 45.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
10 ਮਈ ਦੀ ਸ਼ਾਮ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। 11 ਅਤੇ 12 ਮਈ ਨੂੰ ਕਈ ਜ਼ਿਲ੍ਹਿਆਂ ਵਿੱਚ ਛਿੜਕਾਅ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਸੀਨੀਅਰ ਵਿਗਿਆਨੀ ਡਾ: ਕੇ.ਕੇ.ਗਿੱਲ ਨੇ ਕਿਹਾ ਕਿ ਸਬਜ਼ੀਆਂ ਅਤੇ ਬਾਗਬਾਨੀ ਫ਼ਸਲਾਂ ਗਰਮੀ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।