ਬਿੱਟੂ ਹੋਏ ਰਾਜਾ ਵੜਿੰਗ ‘ਤੇ ਲਾਲ-ਪੀਲੇ, ਰਾਜਾ ਵੜਿੰਗ ਨੂੰ ਸੁਣਾ ਦਿੱਤੀਆਂ ਖਰੀਆਂ-ਖਰੀਆਂ
1 min read

ਬਿੱਟੂ ਹੋਏ ਰਾਜਾ ਵੜਿੰਗ ‘ਤੇ ਲਾਲ-ਪੀਲੇ, ਰਾਜਾ ਵੜਿੰਗ ਨੂੰ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋਏ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਾਲੇ ਖੜਕ ਗਈ ਹੈ। ਵੜਿੰਗ ‘ਤੇ ਬਿੱਟੂ ਨੇ ਵੀ ਪਲਟਵਾਰ ਕੀਤਾ ਹੈ। ਦੋਵੇਂ ਲੀਡਰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਤਸਵੀਰ ਬੀਜੇਪੀ ਦੇ ਪੋਸਟਰਾਂ ਉਪਰ ਲਾਉਣ ਨੂੰ ਲੈ ਕੇ ਭਿੜੇ ਹਨ। ਬਿੱਟੂ ਨੇ ਐਕਸ ‘ਤੇ ਲਿਖਿਆ- ਸ਼ਹੀਦ ਪਾਰਟੀਆਂ ਤੋਂ ਉਪਰ ਹੁੰਦੇ ਹਨ। ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ। PCC ਦੱਸੇ ਕਿ 25 ਸਾਲ ਵਿੱਚ ਚੋਣਾਂ ਜਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ? ਚੰਡੀਗੜ੍ਹ ਕਾਂਗਰਸ ਭਵਨ ਸਾਹਮਣੇ ਤੋਂ ਬੇਅੰਤ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ?

ਤੁਹਾਨੂੰ ਦੱਸ ਦਈਏ ਕਿ ਵੜਿੰਗ ਨੇ ਟਵੀਟ ਕੀਤਾ ਸੀ ਕਿ- ਬਿੱਟੂ ਜੀ ਤੁਸੀਂ ਆਪ ਤਾਂ ਬੀਜੇਪੀ ਦੇ ਖੇਮੇ ਵਿੱਚ ਖੜ੍ਹ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜੱਗ ਜਾਹਰ ਕਰ ਦਿੱਤਾ ਹੈ ਪਰ ਸ. ਬੇਅੰਤ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦਿਓ, ਉਨ੍ਹਾਂ ਨੂੰ ਤਾਂ ਬਦਨਾਮ ਨਾ ਕਰੋ। ਉਨ੍ਹਾਂ ਦੀ ਫੋਟੋ ਨੂੰ ਤੁਸੀਂ ਆਹ ਵੋਟਾਂ ਲਈ ਵਰਤ ਕੇ ਉਨ੍ਹਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ। ਅਕਲ ਨੂੰ ਹੱਥ ਮਾਰੋ। ਜਿਸ ਤੋਂ ਬਾਅਦ ਦੋਹਾਂ ਵਿਚਾਲੇ ਟਵੀਟਰ ਵਾਰ ਸ਼ੁਰੂ ਹੋ ਗਿਆ ਹੈ।