ਸ਼ਹੀਦ ਕਿਸਾਨ ਸ਼ੁੱਭਕਰਨ ਸਿੰਘ ਦੀ ਮੌਤ ਤੇ ਹੋਈ ਜੀਰੋ ਐਫ ਆਈ ਆਰ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਸਿਰੇ ਤੋਂ ਨਕਾਰਿਆ
ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ 37 ਜਥੇਬੰਦੀਆਂ ਦੀ ਅਹਿਮ ਮੀਟਿੰਗ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿੱਚ ਹਰਿੰਦਰ ਸਿੰਘ ਲੱਖੋਵਾਲ,ਕਿਰਨਜੀਤ ਸਿੰਘ ਸੇਖੋਂ,ਬਿੰਦਰ ਸਿੰਘ ਗੋਲੇਵਾਲਾ,ਕੰਵਲਪ੍ਰੀਤ ਸਿੰਘ ਪੰਨੂੰ ਅਤੇ ਸੁੱਖ ਗਿੱਲ ਮੋਗਾ ਦੀ ਪ੍ਰਧਾਨਗੀ ਹੇਠ ਹੋਈ,ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਵੀ ਸ਼ਾਮਲ ਹੋਏ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕੀਤੀ ਜਾ ਰਹੀ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਨੂੰ ਸਫਲ ਬਣਾਉਣ ਲਈ ਵਿਚਾਰ ਚਰਚਾ ਕੀਤੀ ਗਈ। ਪਿੰਡ ਪੱਧਰ ਤੱਕ ਲਾਮਬੰਦੀ ਲਈ ਰੈਲੀਆਂ, ਝੰਡਾ ਮਾਰਚ ਅਤੇ ਹੋਰ ਢੰਗਾਂ ਨਾਲ ਕਿਸਾਨਾਂ ਵਿੱਚ ਜਾਣ ਦਾ ਫੈਸਲਾ ਕਰਦੇ ਹੋਏ ਸੂਬੇ ਵਿਚੋਂ ਪੰਜਾਹ ਹਜ਼ਾਰ ਕਿਸਾਨਾਂ ਨੂੰ ਦਿੱਲੀ ਲੈਕੇ ਜਾਣ ਦਾ ਟੀਚਾ ਮਿੱਥਿਆ ਗਿਆ। ਮਹਾਂ ਪੰਚਾਇਤ ਦੀਆਂ ਤਿਆਰੀਆਂ ਸਬੰਧੀ 7 ਮਾਰਚ ਨੂੰ ਸਵੇਰੇ 11 ਵਜੇ ਸੂਬੇ ਦੇ ਜਿਲ੍ਹਾ ਹੈੱਡਕੁਆਟਰਾਂ ਤੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਮੀਟਿੰਗਾਂ ਕਰਕੇ ਤਿਆਰੀਆਂ ਸਬੰਧੀ ਵਰਕਰਾਂ ਅਤੇ ਆਗੂਆਂ ਦੀਆਂ ਡਿਊਟੀਆਂ ਲਾਈਆ ਜਾਣਗੀਆਂ। ਮੀਟਿੰਗ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਦਿੱਲੀ ਦੀ ਮਹਾਂਪੰਚਾਇਤ ਵਿੱਚ ਜਾਣੋ ਰੋਕਿਆ ਤਾਂ ਭਾਜਪਾ ਨੂੰ ਇਸ ਦਾ ਖਮਿਆਜ਼ਾ ਸਾਰੇ ਦੇਸ਼ ਵਿੱਚ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਸ਼ਹੀਦ ਸ਼ੁਭਕਰਨ ਸਿੰਘ ਦੀ ਮੌਤ ਤੇ ਹੋਈ ਜੀਰੋ ਐਫ.ਆਈ.ਆਰ. ਨੂੰ ਮੁੱਢ ਤੋਂ ਨਕਾਰਦੇ ਹੋਏ ਮੰਗ ਕੀਤੀ ਕਿ ਇਹ ਐਫ.ਆਈ.ਆਰ. ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਮਨੋਹਰ ਲਾਲ ਖੱਟਰ ਅਤੇ ਅਨਿਲ ਵਿੱਜ ਤੇ ਹੋਣੀ ਚਾਹੀਦੀ ਸੀ। ਸੰਯੁਕਤ ਕਿਸਾਨ ਮੋਰਚਾ ਨੇ ਮੁੜ ਦੁਹਰਾਇਆ ਕਿ ਕਿਸਾਨਾਂ ਉੱਤੇ ਜਬਰ ਕਰਨ ਲਈ ਇਹ ਤਿੰਨੋਂ ਮੁੱਖ ਰੂਪ ਵਿੱਚ ਜ਼ਿੰਮੇਵਾਰ ਹਨ। ਮੋਰਚੇ ਦੀ ਮੀਟਿੰਗ ਨੇ ਸ਼ਹੀਦ ਸ਼ੁੱਭਕਰਨ ਸਿੰਘ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਵੀ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਏਕਤਾ ਦੇ ਮਾਮਲੇ ਵਿਚ ਪੰਜਾਬ ਚੈਪਟਰ ਨੂੰ ਮੋਰਚੇ ਵਲੋਂ ਦੂਜੇ ਕਿਸਾਨ ਮੰਚਾਂ ਨਾਲ ਤਾਲਮੇਲ ਕਰਨ ਲਈ ਬਣਾਈ ਛੇ ਮੈਂਬਰੀ ਕਮੇਟੀ ਨੇ ਹੁਣ ਤੱਕ ਕੀਤੇ ਯਤਨਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇੱਕ ਅੱਠ ਨੁਕਾਤੀ ਦਸਤਾਵੇਜ਼ ਵਿਚਾਰ ਵਟਾਂਦਰੇ ਲਈ ਉਨ੍ਹਾਂ ਮੰਚਾਂ ਨੂੰ ਦਿੱਤਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਪੰਧੇਰ ਅਤੇ ਡੱਲੇਵਾਲ ਗਰੁੱਪ ਵਲੋਂ ਏਕਤਾ ਦੇ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਗਈ ਬਿਆਨਬਾਜ਼ੀ ਨੂੰ ਗੁੰਮਰਾਹ ਕਰੂ,ਤੱਥਾਂ ਦਾ ਖਿਲਵਾੜ ਕਰਨ ਅਤੇ ਸੰਯੁਕਤ ਕਿਸਾਨ ਮੋਰਚਾ ਨੂੰ ਢਾਹ ਲਾਉਣ ਵਾਲੀ ਕਾਰਵਾਈ ਦੱਸਿਆ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਕਿਸਾਨ ਲਹਿਰ ਦੀ ਅਸੂਲੀ ਏਕਤਾ ਲਈ ਤਿੰਨ ਵੱਖ ਵੱਖ ਕਮੇਟੀਆਂ ਬਣਾਈਆਂ ਸਨ। ਇਸੇ ਯਤਨਾਂ ਵਜੋਂ ਬਲਬੀਰ ਸਿੰਘ ਰਾਜੇਵਾਲ ਨਾਲ ਸਬੰਧਤ ਪੰਜ ਕਿਸਾਨ ਜਥੇਬੰਦੀਆਂ ਨਾਲ ਏਕਤਾ ਨੂੰ ਬੂਰ ਪਿਆ। ਜਗਜੀਤ ਸਿੰਘ ਡੱਲੇਵਾਲ ਗਰੁੱਪ ਨੇ ਤਾਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਠੀਕ ਢੰਗ ਨਾਲ ਹੁੰਗਾਰਾ ਹੀ ਨਹੀ ਸੀ ਦਿੱਤਾ ਜਦੋਂ ਕਿ ਸਰਵਣ ਸਿੰਘ ਪੰਧੇਰ ਗਰੁੱਪ ਨਾਲ ਦਿੱਲੀ ਮੋਰਚੇ ਸਮੇਂ 26 ਜਨਵਰੀ ਨਾਲ ਸਬੰਧਤ ਘਟਨਾਵਾਂ ਨੂੰ ਲੈਕੇ ਮੱਤਭੇਦਾਂ ਦੇ ਚੱਲਦਿਆ ਮਾਮਲਾ ਚਾਰ ਮੀਟਿੰਗਾਂ ਦੇ ਬਾਵਜੂਦ ਕਿਸੇ ਤਣ ਪੱਤਣ ਨਹੀ ਲੱਗਿਆ। ਪੰਜਾਬ ਚੈਪਟਰ ਦੀਆਂ ਕਿਸਾਨ ਜੱਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਗੱਲਬਾਤ ਏਕਤਾ ਲਈ ਸ਼ੁਰੂ ਹੋਈ ਸੀ ਨਾ ਕਿ ਦਿੱਲੀ ਕੂਚ ਲਈ। ਏਕਤਾ ਕਮੇਟੀ ਨਾਲ ਚਾਰ ਮੀਟਿੰਗਾਂ ਹੋਈਆਂ ਨਾ ਕਿ 13 ਵਾਰ। ਕਿਸੇ ਜੱਥੇਬੰਦੀ ਨਾਲ ਵਿਅਕਤੀਗਤ ਮੁਲਾਕਾਤ ਨੂੰ ਏਕਤਾ ਵਾਰਤਾ ਵਜੋਂ ਪੇਸ਼ ਕਰਨਾ ਅਸਲ ਵਿੱਚ ਸੰਯੁਕਤ ਕਿਸਾਨ ਮੋਰਚਾ ਨੂੰ ਢਾਹ ਲਾਉਣ ਦੀ ਕਾਰਵਾਈ ਉਤੇ ਪਰਦਾਪੋਸ਼ੀ ਹੈ।
ਮੀਟਿੰਗ ਨੇ ਫੈਸਲਾ ਕੀਤਾ ਕਿ ਮਹਾਂਪੰਚਾਇਤ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅਗਲੀ ਮੀਟਿੰਗ 11 ਮਾਰਚ ਨੂੰ ਲੁਧਿਆਣਾ ਵਿਖੇ ਕੀਤੀ ਜਾਵੇਗੀ।
ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ,ਹਰਮੀਤ ਸਿੰਘ ਕਾਦੀਆਂ, ਰਾਮਿੰਦਰ ਸਿੰਘ ਪਟਿਆਲਾ,ਬਲਦੇਵ ਸਿੰਘ ਨਿਹਾਲਗੜ੍ਹ,ਬੂਟਾ ਸਿੰਘ ਬੁਰਜ ਗਿੱਲ,ਡਾ ਦਰਸ਼ਨਪਾਲ,ਬੋਘ ਸਿੰਘ ਮਾਨਸਾ,ਰੁਲਦੂ ਸਿੰਘ ਮਾਨਸਾ,ਹਰਬੰਸ ਸਿੰਘ ਸੰਘਾ,ਹਰਨੇਕ ਸਿੰਘ ਮਹਿਮਾਂ,ਜਗਮਨਦੀਪ ਸਿੰਘ ਪੜੀ,ਰਾਜਵਿੰਦਰ ਕੌਰ ਰਾਜੂ,ਨਛੱਤਰ ਸਿੰਘ ਜੈਤੋਂ,ਬਲਵਿੰਦਰ ਸਿੰਘ ਮੱਲ੍ਹੀ ਨੰਗਲ,ਡਾ.ਸਤਨਾਮ ਸਿੰਘ ਅਜਨਾਲਾ,ਜੰਗਵੀਰ ਸਿੰਘ ਚੌਹਾਨ,ਪ੍ਰੇਮ ਸਿੰਘ ਭੰਗੂ,ਬਲਦੇਵ ਸਿੰਘ ਲਤਾਲਾ,ਗੁਰਮੀਤ ਸਿੰਘ ਮਹਿਮਾਂ,ਵੀਰਪਾਲ ਸਿੰਘ ਢਿੱਲੋਂ,ਝੰਡਾ ਸਿੰਘ ਜੇਠੂਕੇ, ਪ੍ਰਗਟ ਸਿੰਘ ਮੂਨਕ,ਦਵਿੰਦਰ ਸਿੰਘ ਮੱਲ੍ਹੀਨੰਗਲ ਅਤੇ ਕੁਲਦੀਪ ਸਿੰਘ ਵਜੀਦਪੁਰ ਆਦਿ ਹਾਜਰ ਸਨ।
ਜਾਣਕਾਰੀ ਦਾ ਸਰੋਤ