ਸੁਖਬੀਰ ਬਾਦਲ ਬਠਿੰਡਾ ਤੋਂ ਲੜ ਸਕਦੇ ਹਨ ਚੋਣ, ਪੜ੍ਹੋ ਬੀਬਾ ਬਾਦਲ ਕਿੱਥੋਂ ਲੜਨਗੇ ਚੋਣ?
ਅਕਾਲੀ ਦਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਖਬੀਰ ਬਾਦਲ ਬਠਿੰਡਾ ਤੋਂ ਲੋਕਸਭਾ ਚੋਣ ਲੜ ਸਕਦੇ ਹਨ। ਮੀਡਿਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਬਾਦਲ ਪਰਿਵਾਰ ਦੀ ਨੂੰਹ ਅਤੇ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਵੱਲੋਂ ਫਿਰੋਜ਼ਪੁਰ ਤੋਂ ਚੋਣ ਲੜਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਦਰਅਸਲ ਵਿਰੋਧੀ ਪਾਰਟੀਆਂ ਵੱਲੋਂ ਬਠਿੰਡਾ ਸੀਟ ‘ਤੇ ਕੀਤੀ ਘੇਰਾਬੰਦੀ ਦੇ ਮੱਦੇਨਜ਼ਰ ਅਕਾਲੀ ਦਲ ਇਹ ਫੈਸਲਾ ਲੈਣਾ ਚਾਹੁੰਦਾ ਹੈ।
ਬਠਿੰਡਾ ਅਤੇ ਫਿਰੋਜ਼ਪੁਰ ਸੀਟਾਂ ਦੀ ਗੱਲ ਕਰੀਏ ਤਾਂ ਇਹ ਸੀਟਾਂ ਪਿਛਲੀਆਂ ਤਿੰਨ ਚੋਣਾਂ ਤੋਂ ਅਕਾਲੀ ਦਲ ਕੋਲ ਹਨ। ਇਹ ਦੋਵੇਂ ਹੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਨ। ਪਰ 1997 ਤੋਂ ਬਾਅਦ ਇਹ ਪਹਿਲੀ ਲੋਕ ਸਭਾ ਚੋਣ ਹੈ ਜਦੋਂ ਪੰਜਾਬ ਵਿਚ ਅਕਾਲੀ ਇਕੱਲੇ ਲੜ ਰਹੇ ਹਨ। ਅਕਾਲੀ ਦਲ ਨੂੰ ਨੁੱਕਰੇ ਲਾਉਣ ਲਈ ਕਾਂਗਰਸ ਹੀ ਨਹੀਂ, ਆਮ ਆਦਮੀ ਪਾਰਟੀ ਅਤੇ ਭਾਜਪਾ ਨੇ ਵੀ ਇੱਥੋਂ ਆਪਣੇ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਹਨ।
ਜ਼ਿਕਰਯੋਗ ਹੈ ਕਿ ਆਪ ਨੇ ਇੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਨੇ ਸਾਬਕਾ ਆਈਏਐਸ ਅਤੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਨੂੰ ਉਮੀਦਵਾਰ ਬਣਾਇਆ ਹੈ ਅਤੇ ਕਾਂਗਰਸ ਨੇ ਜੀਤ ਮਹਿੰਦਰ ਸਿੰਘ ਨੂੰ ਵੀ ਮੈਦਾਨ ਵਿੱਚ ਉਤਾਰਿਆ ਹੈ।