ਹਰਿਆਣਾ ਦੇ ਯੂਟਿਊਬਰ ਬੌਬੀ ਕਟਾਰੀਆ ਨੂੰ ਪੁਲਸ ਨੇ ਨੌਕਰੀ ਦੇ ਨਾਂ ‘ਤੇ ਵਿਦੇਸ਼ ਭੇਜਣ ਅਤੇ ਉਥੇ ਬੰਧਕ ਬਣਾ ਕੇ ਸਾਈਬਰ ਧੋਖਾਧੜੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਕਟਾਰੀਆ ‘ਤੇ ਉੱਤਰ ਪ੍ਰਦੇਸ਼ ਮੂਲ ਦੇ ਦੋ ਨੌਜਵਾਨਾਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਅਤੇ ਚੀਨ ਦੀ ਇਕ ਕੰਪਨੀ ਕੋਲ ਬੰਧਕ ਬਣਾਉਣ ਦਾ ਦੋਸ਼ ਹੈ।ਉੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ, ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ ਅਤੇ ਉਨ੍ਹਾਂ ਨੂੰ ਅਮਰੀਕੀ ਲੋਕਾਂ ਨਾਲ ਸਾਈਬਰ ਧੋਖਾਧੜੀ ਕਰਨ ਲਈ ਮਜਬੂਰ ਕੀਤਾ ਗਿਆ। ਕਿਸੇ ਤਰ੍ਹਾਂ ਨੌਜਵਾਨ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਥੋਂ ਫਰਾਰ ਹੋ ਗਏ ਅਤੇ ਭਾਰਤੀ ਦੂਤਘਰ ਪਹੁੰਚ ਕੇ ਵਾਪਸ ਭਾਰਤ ਆ ਗਏ।
ਪੀੜਤ ਨੌਜਵਾਨਾਂ ਦਾ ਦੋਸ਼ ਹੈ ਕਿ ਕੰਪਨੀ ਵਿੱਚ ਕਰੀਬ 150 ਭਾਰਤੀਆਂ ਨੂੰ ਲਿਆਂਦਾ ਗਿਆ ਜਿੱਥੇ ਉਨ੍ਹਾਂ ਨੂੰ ਮਨੁੱਖੀ ਤਸਕਰੀ ਰਾਹੀਂ ਇਸੇ ਤਰ੍ਹਾਂ ਬੰਧਕ ਬਣਾਇਆ ਗਿਆ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਬੌਬੀ ਕਟਾਰੀਆ ਵਰਗੇ ਦਲਾਲਾਂ ਵੱਲੋਂ ਨੌਕਰੀ ਦੇ ਬਹਾਨੇ ਮਨੁੱਖੀ ਤਸਕਰੀ ਵਿੱਚ ਭੇਜਿਆ ਗਿਆ ਹੈ।