ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਮੀਟਿੰਗ ਵਿੱਚ ਹੋਏ ਅਹਿਮ ਵਿਚਾਰ-ਵਟਾਂਦਰੇ ਹੋਏ
1 min read

ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਮੀਟਿੰਗ ਵਿੱਚ ਹੋਏ ਅਹਿਮ ਵਿਚਾਰ-ਵਟਾਂਦਰੇ ਹੋਏ


ਮਿਲਾਨ, 04 ਅਕਤੂਬਰ (ਦਲਜੀਤ ਮੱਕੜ) ਇਟਲੀ ਵਿੱਚ ਸਿੱਖ ਭਾਈਚਾਰੇ ਨੂੰ ਪੇਸ਼ ਆਉਂਦੀਆ ਦਰਪੇਸ਼ ਮੁਸ਼ਕਿਲਾਂ ਅਤੇ ਧਰਮ ਦੇ ਪ੍ਰਚਾਰ ਅਤੇ ਪਸਾਰ ਹਿੱਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀ ਸਾਂਝੀ ਫੈਡਰੈਸ਼ਨ ਯੂਨੀਅਨ ਸਿੱਖ ਇਟਲੀ ਦੁਆਰਾ ਬੈਰਗਾਮੋ ਜਿਲੇ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਯੂਨੀਅਨ ਸਿੱਖ ਇਟਲੀ ਦੇ ਪ੍ਰਬੰਧਕਾਂ ਤੋਂ ਇਲਾਵਾ ਇਟਲੀ ਭਰ ਤੋਂ ਵੱਖ ਵੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਵੱਖ ਵੱਖ ਜੱਥੇਬੰਦੀਆ ਦੇ ਮੈਬਰਾਂ ਨੇ ਸ਼ਿਰਕਤ ਕੀਤੀ। ਇਸ ਵਿਸ਼ੇਸ਼ ਮੀਟਿੰਗ ਵਿੱਚ ਯੂਨੀਅਨ ਸਿੱਖ ਇਟਲੀ ਦੀ ਲੀਗਲ ਟੀਮ ਵੱਜੋਂ ਪ੍ਰੋ. ਪਾੳਲੋ ਨਾਜੋ ਅਤੇ ਵਕੀਲ ਕ੍ਰਿਸਤੀਨਾ ਮੀਟਿੰਗ ਵਿੱਚ ਮੁੱਖ ਰੂਪ ਵਿੱਚ ਸ਼ਾਮਿਲ ਹੋਏ। ਇਸ ਮੌਕੇ ਯੂਨੀਅਨ ਸਿੱਖ ਇਟਲੀ ਦੇ ਮੁੱਖ ਪ੍ਰਬੰਧਕਾਂ ਦੁਆਰਾ ਇਟਲੀ ਵਿੱਚ ਸਿੱਖ ਧਰਮ ਦੀ ਸਰਕਾਰੀ ਤੌਰ ਤੇ ਮਨਜ਼ੂਰੀ ਵਾਸਤੇ ਚੱਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ ਅਤੇ ਪ੍ਰਬੰਧਕ ਕਮੇਟੀਆ ਦੁਆਰਾ ਕੀਤੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਬੋਲਦਿਆ ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਮੈਂਬਰਾਂ ਨੇ ਯੂਨੀਅਨ ਸਿੱਖ ਇਟਲੀ ਦੇ ਹੁਣ ਤੱਕ ਦੇ ਕੀਤੇ ਕਾਰਜਾਂ ਤੇ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਇਕੱਠੇ ਹੋ ਕੇ ਇਹ ਕਾਰਜ ਹੋਰ ਮਜਬੂਤੀ ਨਾਲ ਅੱਗੇ ਤੋਰਿਆ ਜਾਵੇ।ਯੂਨੀਅਨ ਸਿੱਖ ਇਟਲੀ ਦੇ ਪ੍ਰਧਾਨ ਸਤਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸੰਸਥਾ ਇੱਕ ਧਾਰਮਿਕ ਸੰਸਥਾ ਹੈ। ਜਿਸਦਾ ਮਕਸਦ ਸਿਰਫ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਿਵਾਉਣਾ ਅਤੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਕਾਰਜ ਕਰਨਾ ਹੈ। ਉਹਨਾਂ ਆਈਆਂ ਸਾਰੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਹੋਰਨਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਕੌਮ ਦਾ ਮਹਾਨ ਕਾਰਜ ਹੈ। ਜਿਸਨੂੰ ਸਿਰੇ ਚਾੜਨ ਲਈ ਸਾਰੀਆਂ ਧਾਰਮਿਕ ਸੰਸਥਾਵਾਂ ਇੱਕਠੇ ਹੋ ਕੇ ਕੰਮ ਕਰਨ ਤਹੱਈਆ ਕੀਤਾ।